ਮੁਹਾਲੀ ( Jagroop singh Grewal ) :- ਸਾਂਝੇ ਅਧਿਆਪਕ ਮੋਰਚੇ ਵੱਲੋਂ ਮੁੱਖ ਚੋਣ ਅਧਿਕਾਰੀ ਪੰਜਾਬ ਕੋਲ ਚੋਣ ਅਮਲੇ ਦੀ ਸੁਰੱਖਿਆ ਦੀ ਕੀਤੀ ਮੰਗ ਅਤੇ ਪ੍ਰਤੀਨਿਧ ਅਧਿਆਪਕ ਜਥੇਬੰਦੀ ਡੈਮੋਕ੍ਰੇਟਿਕ ਟੀਚਰਜ਼ ਫਰੰਟ ਵੱਲੋਂ ਇਸੇ ਸੰਦਰਭ ਵਿੱਚ ਵੱਖ ਵੱਖ ਜ਼ਿਲ੍ਹਿਆਂ ਵਿੱਚੋਂ ਡਿਪਟੀ ਕਮਿਸ਼ਨਰਾਂ ਰਾਹੀਂ ਭੇਜੇ ਗਏ ਮੰਗ ਪੱਤਰਾਂ ਦੇ ਕੋਈ ਸਾਰਥਿਕ ਨਤੀਜੇ ਨਹੀਂ ਨਿੱਕਲੇ ,ਸਗੋਂ ਇਸ ਦੇ ਉਲਟ ਪੰਜਾਬ ਦੇ ਕਈ ਪਿੰਡਾਂ ਵਿੱਚ ਪੋਲਿੰਗ ਬੂਥਾਂ ਤੇ ਚੋਣ ਅਮਲੇ ਨੂੰ ਕੁੱਟ -ਮਾਰ ਅਤੇ ਹਿੰਸਾ ਦਾ ਸ਼ਿਕਾਰ ਹੋਣਾ ਪਿਆ, ਜੱਥੇਬੰਦੀ ਦੇ ਸੂਬਾ ਪ੍ਰਧਾਨ ਦਿੱਗਵਿਜੇ ਪਾਲ ਸ਼ਰਮਾ, ਸੂਬਾ ਸਕੱਤਰ ਬਲਬੀਰ ਲੌਂਗੋਵਾਲ ਨੇ ਵੱਖ ਵੱਖ ਥਾਵਾਂ ਤੇ ਹੋਈ ਹਿੰਸਾ ਨੂੰ ਪੰਜਾਬ ਸਰਕਾਰ ਦੀ ਘੋਰ ਨਲਾਇਕੀ ਕ਼ਰਾਰ ਦਿੰਦਿਆਂ ਇਸ ਵਰਤਾਰੇ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਅਜਿਹਾ ਜਾਪਦਾ ਹੈ ਜਿਵੇਂ ਹਾਕਮ ਧਿਰ ਵੱਲੋਂ ਚੋਣਾਂ ਨੂੰ ਲੁੱਟਣ ਲਈ ਹਰ ਹੀਲਾ ਵਰਤਿਆ ਗਿਆ ਹੋਵੇ। ਜਿਲਾ ਲੁਧਿਆਣਾ ਦੇ ਪ੍ਰਧਾਨ ਦਲਜੀਤ ਸਿੰਘ ਸਮਰਾਲਾ, ਜਨਰਲ ਸਕੱਤਰ ਹਰਜੀਤ ਸਿੰਘ ਸੁਧਾਰ ਨੇ ਸਮੁੱਚੇ ਬਿਰਤਾਂਤ ਨੂੰ ਪੰਜਾਬ ਸਰਕਾਰ ਦੀ ਗੈਰ ਜਿੰਮੇਵਾਰਾਨਾ ਪਹੁੰਚ ਕ਼ਰਾਰ

ਦਿੰਦਿਆਂ ਕਿਹਾ ਕਿ ਜੱਥੇਬੰਦੀ ਵੱਲੋਂ ਵਾਰ ਵਾਰ ਸੁਰੱਖਿਆ ਦੀ ਮੰਗ ਅਤੇ ਵੋਟਾਂ ਦੀ ਗਿਣਤੀ ਚੋਣਾਂ ਤੋਂ ਅਗਲੇ ਦਿਨ ਤਹਿਸੀਲ ਪੱਧਰ ਤੇ ਕਰਨ ਨੂੰ ਦਰ- ਕਿਨਾਰ ਕੀਤਾ ਗਿਆ। ਸੀਨੀਅਰ ਮੀਤ ਪ੍ਰਧਾਨ ਦਵਿੰਦਰ ਸਿੰਘ ਸਿੱਧੂ, ਜਥੇਬੰਦਕ ਸਕੱਤਰ ਗੁਰਪ੍ਰੀਤ ਸਿੰਘ ਖੰਨਾ, ਮੀਤ ਪ੍ਰਧਾਨ ਗੁਰਦੀਪ ਹੇਰਾ, ਪ੍ਰੈੱਸ ਸਕੱਤਰ ਹੁਸ਼ਿਆਰ ਸਿੰਘ ਅਤੇ ਵਿੱਤ ਸਕੱਤਰ ਗੁਰਬਚਨ ਖੰਨਾ ਨੇ ਕਿਹਾ ਕਿ ਚੋਣ ਅਮਲੇ ਲਈ ਪ੍ਰਸ਼ਾਸਨ ਵੱਲੋਂ ਨਾ ਤਾਂ ਖਾਣੇ ਦਾ ਕੋਈ ਇੰਤਜ਼ਾਮ ਕੀਤਾ ਗਿਆ ਅਤੇ ਨਾਂ ਹੀ ਰਾਤ ਸਮੇਂ ਬਿਸਤਰਿਆਂ ਦਾ ਕੋਈ ਪ੍ਰਬੰਧ ਕੀਤਾ ਗਿਆ। ਅਧਿਆਪਕ ਆਗੂਆਂ ਨੇ ਦੱਸਿਆ ਕਿ ਪੰਜਾਬ ਭਰ ਵਿੱਚੋਂ ਪ੍ਰਾਪਤ ਹੋਈਆਂ ਸੂਚਨਾਵਾਂ ਅਨੁਸਾਰ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਦਾਖਾ ਵਿਚ ਇੱਟਾਂ-ਰੋੜੇ ਚੱਲੇ ਇਸੇ ਤਰ੍ਹਾਂ ਮੁਕਤਸਰ ਜ਼ਿਲ੍ਹੇ ਦੇ ਪਿੰਡ ਨਵਾਂ ਰੁਪਾਣਾ ਵਿੱਚ ਵੀ ਚੋਣ ਅਮਲੇ ਨੂੰ ਬੜੀ ਮੁਸਕੱਤ ਤੋਂ ਬਾਅਦ ਬਾਹਰ ਲਿਆਂਦਾ ਗਿਆ। ਮਾਝੇ ਵਿੱਚ ਵੱਡੇ ਪੱਧਰ ਤੇ ਹਿੰਸਾ ਹੋਈ। ਉਨ੍ਹਾਂ ਸਾਰੇ ਵਰਤਾਰੇ ਨੂੰ ਪੰਜਾਬ ਸਰਕਾਰ ਦੀ ਨਲਾਇਕੀ ਕ਼ਰਾਰ ਦਿੱਤਾ।ਅਧਿਆਪਕ ਆਗੂਆਂ ਨੇ ਪੰਜਾਬ ਸਰਕਾਰ ਤੋ ਮੰਗ ਕੀਤੀ ਕਿ ਹਰ ਹਾਲਤ ਵਿੱਚ ਪੰਚਾਇਤੀ ਚੋਣਾਂ ਦੇ ਨਤੀਜੇ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਅਗਲੇ ਦਿਨ ਤਹਿਸੀਲ ਪੱਧਰ ਤੇ ਐਲਾਨੇ ਜਾਣ। ਜ਼ਿਮਨੀ ਚੋਣਾਂ ਦੌਰਾਨ ਚੋਣ ਅਮਲੇ ਦੀ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਜਾਣ। ਔਰਤਾਂ ਅਤੇ ਲੋੜਵੰਦ ਅਧਿਆਪਕਾਂ ਨੂੰ ਡਿਊਟੀ ਤੋਂ ਛੋਟ ਦਿੱਤੀ ਜਾਵੇ।


























