ਲੁਧਿਆਣਾ 11 ਜਨਵਰੀ (ਰਛਪਾਲ ਸਹੋਤਾ) ਅੱਜ ਸੰਤ ਨਿਰੰਕਾਰੀ ਸਤਿਸੰਗ ਭਵਨ ਸੰਗੋਵਾਲ (ਲੁਧਿਆਣਾ) ਵਿਖੇ ਹੋਏ ਵਿਸ਼ਾਲ ਨਿਰੰਕਾਰੀ ਸੰਤ ਸਮਾਗਮ ਮੌਕੇ ਹਜ਼ਾਰਾਂ ਦੀ ਗਿਣਤੀ ਵਿੱਚ ਪਹੁੰਚੀਆਂ ਸੰਗਤਾਂ ਨੂੰ ਅਸ਼ੀਰਵਾਦ ਦਿੰਦਿਆਂ ਨਿਰੰਕਾਰੀ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਨੇ ਫਰਮਾਇਆ ਕਿ ਨਿਰੰਕਾਰ ਪ੍ਰਮਾਤਮਾ ਹਮੇਸ਼ਾ ਸਾਡੇ ਨਾਲ ਅੰਗ ਸੰਗ ਹੁੰਦਾ ਹੈ ਪਰ ਅਸੀਂ ਹੀ ਇਸਨੂੰ ਦੂਰ ਸਮਝੀ ਬੈਠੇ ਹਾਂ। ਸਾਡੀ ਆਤਮਾ ਸਰੀਰ ਬਦਲਦੇ ਬਦਲਦੇ ਆਪਣਾ ਮੂਲ

ਇਸ ਸਰੀਰ ਨੂੰ ਹੀ ਸਮਝ ਲੈਂਦੀ ਹੈ। ਜਦੋਂਕਿ ਇਹ ਸਰੀਰ ਨਾਸ਼ਵਾਨ ਹੈ। ਜਦੋਂ ਇਸ ਆਤਮਾ ਨੂੰ ਪ੍ਰਭੂ ਪ੍ਰਮਾਤਮਾ ਦੀ ਜਾਣਕਾਰੀ ਹੋ ਜਾਂਦੀ ਹੈ ਤਾਂ ਇਹ ਨਿਰੰਕਾਰ ਨਾਲ ਇੱਕ ਮਿਕ ਹੋ ਜਾਂਦੀ ਹੈ। ਫਿਰ ਇਹ ਆਤਮਾ ਇਨਸਾਨੀ ਸਰੀਰ ਨੂੰ ਵੀ ਇਸ ਨਿਰੰਕਾਰ ਨਾਲ ਜੋੜ ਕੇ ਸੇਵਾ ਵਿੱਚ ਲਗਾ ਦਿੰਦੀ ਹੈ, ਇਨਸਾਨ ਸਮਝ ਜਾਂਦਾ ਹੈ ਕਿ ਇਹ ਸਰੀਰ ਹਰ ਇੱਕ ਦੇ ਕੰਮ ਆਵੇ, ਨਿਰੰਕਾਰ ਦੀ ਰਜਾ ਵਿੱਚ ਬਤੀਤ ਹੋਵੇ। ਬ੍ਰਹਮਗਿਆਨ ਦੀ ਪ੍ਰਾਪਤੀ ਉਪਰੰਤ ਇਹ ਪ੍ਰਮਾਤਮਾ ਅੰਗ ਸੰਗ ਨਜ਼ਰ ਆਉਣ ਲੱਗ ਪੈਂਦਾ ਹੈ। ਗੁਰਮਿਤ ਵਾਲੇ ਗੁਣ ਵੀ ਆਪਣੇ ਆਪ ਹੀ ਸਾਡੇ ਅੰਦਰ ਪ੍ਰਵੇਸ਼ ਹੋਣੇ ਸ਼ੁਰੂ ਹੋ ਜਾਂਦੇ ਹਨ। ਉਹਨਾਂ ਉਦਾਹਰਨ ਦਿੰਦਿਆਂ ਫਰਮਾਇਆ ਕਿ ਜਿਸ ਤਰ੍ਹਾਂ ਦੁੱਧ ਵਿੱਚ ਜਿੰਨ੍ਹਾਂ ਮਿੱਠਾ ਪਾਵਾਂਗੇ ਉਹ ਉਹਨਾਂ ਹੀ ਮਿੱਠਾ ਹੋ ਜਾਵੇਗਾ। ਉਸੇ ਤਰ੍ਹਾਂ ਮਨ ਨੂੰ ਜਿਵੇਂ ਜਿਵੇਂ ਸਿਮਰਨ ਰੂਪ ਵਿੱਚ ਇਸ ਨਿਰੰਕਾਰ ਨਾਲ ਜੋੜਾਂਗੇ ਉਵੇਂ ਉਵੇਂ ਹੀ ਮਨ ਵਿੱਚ ਸੇਵਾ ਭਾਵਨਾ, ਨੇਕ ਭਲਾਈ ਜਿਹੇ ਗੁਣ ਪ੍ਰਵੇਸ਼ ਹੋ ਜਾਂਦੇ ਹਨ, ਹਰ ਇਨਸਾਨ ਪ੍ਰਮਾਤਮਾ ਦਾ ਹੀ ਰੂਪ ਨਜ਼ਰ ਆਉਣ ਲੱਗ ਪੈਂਦਾ ਹੈ। ਉਨ੍ਹਾਂ ਅੱਗੇ ਸਮਝਾਇਆ ਕਿ ਅਗਰ ਸਰੀਰ ਤੇ ਕੋਈ ਚੋਟ ਲੱਗੇ ਤਾਂ ਚਮੜੀ ਚੋਂ ਖੂਨ ਹੀ ਨਿਕਲਦਾ ਹੈ ਉਸੇ ਤਰ੍ਹਾਂ ਜਦੋਂ ਇਨਸਾਨ ਗੁਰਮਤ ਵਾਲੇ ਕਰਮ ਅਪਣਾਉਂਦਾ ਹੈ ਤਾਂ ਉਸਦੇ ਜੀਵਨ ਵਿਚੋੋਂ ਵੀ ਉਹੀ ਗੁਣ ਝਲਕਦੇ ਹਨ, ਪਿਆਰ ਦੀ ਮਹਿਕ ਆਉਂਦੀ ਹੈ, ਬਾਣੀ ਵਿੱਚ ਮਦੁਰਤਾ ਆ ਜਾਂਦੀ ਹੈ, ਮਨ ਵਿੱਚ ਭਗਤੀ ਭਾਵ ਜਨਮ ਲੈ ਲੈਂਦੀ ਹੈ, ਪ੍ਰੇਮਾ ਭਗਤੀ ਦੇ ਰੂਪ ਦੇ ਨਾਲ ਨਾਲ ਮਨਾਂ ਦੇ ਭਾਵ ਬਦਲ ਜਾਂਦੇ ਹਨ। ਫਿਰ ਇਨਸਾਨ ਹਰੇਕ ਲਈ ਜੀਵਨ ਵਿੱਚ ਭਲਾਈ ਦੀ ਹੀ ਕਾਮਨਾ ਕਰਦਾ ਹੈ। ਹਰੇਕ ਲਈ ਦਿਲ ਵਿੱਚ ਦਰਦ ਮਹਿਸੂਸ ਕਰਦਾ ਹੈ। ਇਹੀ ਭਾਵ ਬਣਦੇ ਹਨ ਕਿ ਹਰ ਮਾਨਵ ਦੀ ਸੇਵਾ ਕਰੀਏ। ਜਦੋਂ ਕਿ ਮਨਮੁੱਖ ਦੇ ਭਾਵ ਆਪਣੇ ਖੁਦ ਲਈ ਹੁੰਦੇ ਹਨ ਜੋ ਕਿ ਹੰਕਾਰ ਦਾ ਕਾਰਨ ਬਣਦੇ ਹਨ। ਜੇਕਰ ਕਿਸੇ ਨੂੰ ਪੜ੍ਹ ਲਿਖ ਕੇ ਡਿਗਰੀਆਂ, ਅਹੁਦੇ ਆਦਿ ਮਿਲ ਜਾਣ ਤਾਂ ਕਈ ਵਾਰ ਹੰਕਾਰ ਦੇ

ਭਾਵ ਉਤਪੰਨ ਹੋ ਜਾਂਦੇ ਹਨ ਪਰ ਜਦਕਿ ਸੰਤ ਮਹਾਂਪੁਰਸ਼ ਹੰਕਾਰ ਵਿੱਚ ਨਹੀਂ ਆਉਂਦੇ ਉਹ ਸਭ ਨੂੰ ਬਰਾਬਰ ਸਮਝਦੇ ਹਨ। ਜਿਸਦੇ ਪਾਸ ਸਹੀ ਰਸਤਾ ਹੁੰਦਾ ਹੈ ਉਹੀ ਆਪਣੇ ਤੇ ਸਾਥ ਵਲਿਆਂ ਨੂੰ ਸਹੀ ਰਸਤੇ ਪਾਉਂਦੇ ਹਨ। ਜਦੋਂਕਿ ਦੁਨੀਆਂ ਵਾਲੇ ਭਟਕਣਾਂ ਵਿੱਚ ਪਾਉਂਦੇ ਹਨ। ਸਰੀਰ ਰੂਪ ਵਿੱਚ ਤਾਂ ਦੁੱਖ ਸੁੱਖ ਆਉਂਦੇ ਜਾਂਦੇ ਰਹਿੰਦੇ ਹਨ, ਧਨ ਘਟਦਾ ਵਧਦਾ ਰਹਿੰਦਾ ਹੈ, ਜਦੋਂਕਿ ਇਹ ਆਤਮਾ ਜਦ ਨਿਰੰਕਾਰ ਨਾਲ ਜੁੜ ਜਾਂਦੀ ਹੈ ਤਾਂ ਸਾਡੇ ਮਨ ਅੰਦਰ ਕੋਈ ਗਲਤ ਸੋਚ ਨਹੀਂ ਆਉਂਦੀ ਸਗੋਂ ਸਭ ਲਈ ਪਿਆਰ, ਨਿਮਰਤਾ, ਸ਼ਹਿਣਸ਼ੀਲਤਾ ਜਿਹੇ ਭਾਵ ਉੁਤਪੰਨ ਹੋ ਜਾਂਦੇ ਹਨ। ਜਦੋਂਕਿ ਮਨਮਤੀ ਇਨਸਾਨ ਆਪਣੇ ਸਰੀਰ ਦਾ ਵੀ ਨੁਕਸਾਨ ਕਰਦੇ ਹਨ ਤੇ ਦੂਸਰਿਆਂ ਦਾ ਵੀ। ਪਰ ਸੰਤ ਹਮੇਸ਼ਾ ਸਭ ਦਾ ਭਲਾ ਹੀ ਕਰਦੇ ਹਨ ਤੇ ਭਲਾ ਹੀ ਮੰਗਦੇ ਹਨ ਤੇ ਮਨ ਵਿਚੋਂ ਵੈਰ, ਈਰਖਾ, ਨਫ਼ਰਤ ਦੇ ਭਾਵ ਖਤਮ ਕਰਕੇ ਪਿਆਰ, ਨਿਮਰਤਾ, ਸ਼ਹਿਣਸ਼ੀਲਤਾ ਨੂੰ ਅਪਣਾਉਂਦੇ ਹਨ। ਉਹਨਾਂ ਸਮਝਾਇਆ ਕਿ “ਜੈਸੀ ਦਿ੍ਰਸ਼ਟੀ ਵੈਸੀ ਸਿ੍ਰਸ਼ਟੀ” ਵਾਂਗ ਅਗਰ ਕੋਈ ਇਨਸਾਨ ਚੰਗਾ ਹੈ, ਵਧੀਆ ਸੋਚ ਰੱਖਦਾ ਹੈ ਤਾਂ ਉਹ ਸਭ ਨੂੰ ਚੰਗਾ ਹੀ ਨਜ਼ਰ ਆਵੇਗਾ, ਦੂਜੇ ਪਾਸੇ ਜਿਸਦੀ ਸੋਚ ਮਾੜੀ ਹੈ ਉਹ ਸਭ ਨੂੰ ਮਾੜਾ ਹੀ ਨਜ਼ਰ ਆਵੇਗਾ। ਉਹਨਾਂ ਸਮਝਾਇਆ ਕਿ ਇਨਸਾਨ ਆਪਣੀਆਂ ਗਲਤੀਆਂ ਨੂੰ ਸੁਧਾਰਨ ਦੀ ਵਜਾਏ ਦੂਸਰਿਆਂ ਵਿੱਚ ਗੱਲਤੀਆਂ ਕੱਢਣੀਆਂ ਸ਼ੁਰੂ ਕਰ ਦਿੰਦਾ ਹੈ ਪਰ ਜੋ ਗੁਰਸਿੱਖ ਹੁੰਦੇ ਹਨ ਉਹ ਪਹਿਲਾ ਖੁਦ ਨੂੰ ਸੁਧਾਰਦੇ ਹਨ ਕਿਸੇ ਦੀਆਂ ਗਲਤੀਆਂ ਨਹੀਂ ਤਕਦੇ। ਉਹਨਾਂ ਕਿਹਾ ਕਿ ਕਿਸੇ ਦੇ ਲਈ ਤਾਂ ਪਿਆਸ ਬੁਝਾਉਣ ਲਈ ਪਾਣੀ ਦਾ ਇੱਕ ਘੁੱਟ ਵੀ ਕਾਫ਼ੀ ਹੈ ਪਰ ਕਈਆਂ ਨੂੰ ਪਾਣੀ ਦਾ ਇੱਕ ਘੜਾ ਵੀ ਦੇ ਦਈਏ ਤਾਂ ਉਹ ਵੀ ਘੱਟ ਪੈਂਦਾ ਹੈ।
ਉਹਨਾਂ ਅੱਗੇ ਫਰਮਾਇਆ ਕਿ ਮਨ ਜੇਕਰ ਸਥਿਰ ਦਾ ਸਹਾਰਾ ਨਹੀਂ ਲੈਂਦਾ ਤਾਂ ਇਹ ਅਸਥਿਰ ਰਹਿੰਦਾ ਹੈ। ਪਰ ਜੇਕਰ ਮਨ ਪ੍ਰਭੂ ਪ੍ਰਮਾਤਮਾ ਨੂੰ ਜਾਣ ਕੇ ਆਤਮਾ ਨੂੰ ਇਹ ਬੋਧ ਕਰਵਾ ਦਿੰਦਾ ਹੈ ਕਿ ਇਹ ਆਤਮਾ ਕਿਥੋਂ ਆਈ ਹੈ ਕਿਥੇ ਜਾਣਾ ਹੈ ਤਾਂ ਉਹ ਆਤਮਾ ਧੰਨ ਹੋ ਜਾਂਦੀ ਹੈ। ਜਿਵੇਂ ਧੂੜ ਨੂੰ ਥਾਪੜ ਕੇ ਸਾਫ਼ ਕਰਦੇ ਹਾਂ ਉਸੇ ਤਰ੍ਹਾਂ ਸੰਤਾਂ ਦੇ ਪ੍ਰਵਚਨ ਸੁਣਕੇ ਅਸੀਂ ਮਨ ਦੇ ਭਾਵ ਸ਼ੁੱਧ ਕਰਦੇ ਜਾਣਾ ਹੈ। ਇਹ ਨਹੀਂ ਸੋਚਣਾ ਕਿ ਮੈਂ ਸਭ ਤੋਂ ਵਧੀਆਂ ਹਾਂ ਸਗੋਂ ਨਿਸ਼ਕਾਮ ਭਾਵ ਨਾਲ ਬਿਨਾਂ ਕੋਈ ਫਾਇਦਾ ਸੋਚੇ ਸੇਵਾ ਕਰਦੇ ਜਾਣਾ ਹੈ, ਭਗਤੀ ਭਰਪੂਰ ਜੀਵਣ ਜਿਉਂਦੇ ਹੋਏ ਹਰੇਕ ਲਈ ਜੀਵਨ ਵਰਦਾਨ ਬਣਦੇ ਹੋਏ ਅੱਗੇ ਵਧਣਾ ਹੈ, ਨਿਰੰਕਾਰ ਨਾਲ ਹਮੇਸ਼ਾ ਜੁੜੇ ਰਹਿਣਾ ਹੈ। ਇਸ ਮੌਕੇ ਐਚ.ਐਸ.ਚਾਵਲਾ ਜੀ ਮੈਂਬਰ ਇੰਚਾਰਜ ਬਰਾਂਚਜ਼ ਨੇ ਆਪਣੇ ਅਤੇ ਸੰਗਤਾਂ ਵੱਲੋਂ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਅਤੇ ਨਿਰੰਕਾਰੀ ਰਾਜਪਿਤਾ ਰਮਿਤ ਜੀ ਦਾ ਲੁਧਿਆਣਾ ਵਿਖੇ ਪਹੁੰਚਣ ਤੇ ਨਿੱਘਾ ਸਵਾਗਤ ਤੇ ਸ਼ੁਕਰਾਨਾ ਕੀਤਾ। ਉਹਨਾਂ ਸਥਾਨਕ ਸਿਵਲ ਪ੍ਰਸਾਸ਼ਨ, ਪੁਲਿਸ ਪ੍ਰਸਾਸ਼ਨ ਤੇ ਇਲਾਕੇ ਦੇ ਵੱਖ ਵੱਖ ਰਾਜਨੀਤਕ, ਸਮਾਜਿਕ ਤੇ ਧਾਰਮਿਕ ਸੰਸਥਾਵਾਂ ਦਾ ਭਰਪੂਰ ਸਹਿਯੋਗ ਦੇਣ ਲਈ ਧੰਨਵਾਦ ਕੀਤਾ।


























